ਜੂਏ ਖੇਡਣ ਨਾਲ ਅਜਿਹੇ ਨੁਕਸਾਨ ਵੀ ਹੋ ਸਕਦੇ ਹਨ ਜੋ ਜੂਆ ਖੇਡਣ ਵਾਲੇ ਵਿਅਕਤੀ ਦੀ ਜ਼ਿੰਦਗੀ ‘ਤੇ ਜਾਂ ਉਸ ਦੇ ਆਲੇ-ਦੁਆਲੇ ਲੋਕਾਂ ਦੀ ਜ਼ਿੰਦਗੀ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਜੂਏ ਦੇ ਨੁਕਸਾਨ ਕਈ ਵਾਰ ਅਸਾਨੀ ਨਾਲ ਨਜ਼ਰ ਨਹੀਂ ਆਉਂਦੇ। ਇਸ ਲਈ ਜੂਏ ਨਾਲ ਜੁੜੀਆਂ ਸਮੱਸਿਆਵਾਂ ਦੇ ਚੇਤਾਵਨੀ ਸੰਕੇਤਾਂ ਨੂੰ ਸਮਝਣਾ ਸਹੀ ਮਦਦ ਲੱਭਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਜਾਣਦੇ ਹਾਂ ਕਿ ਜੂਆ ਹਰ ਕਿਸੇ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ, ਬਹਰਹਾਲ ਇੱਥੇ ਕੁਝ ਆਮ ਸੰਕੇਤ ਦਿੱਤੇ ਗਏ ਹਨ:
ਕਿਹੜੇ-ਕਿਹੜੇ ਸੰਕੇਤ ਹੋ ਸਕਦੇ ਹਨ?
* ਚਿੰਤਾ, ਫਿਕਰ, ਪਛਤਾਵਾ ਜਾਂ ਚਿੜਚਿੜਾਪਣ ਮਹਿਸੂਸ ਕਰਨਾ – ਜੂਆ ਕਿਸੇ ਦੀਆਂ ਭਾਵਨਾਵਾਂ ‘ਤੇ ਪ੍ਰਭਾਵ ਪਾ ਸਕਦਾ ਹੈ, ਭਾਵੇਂ ਉਹ ਕਿੰਨਾ ਵੀ ਜੂਆ ਖੇਡਣ। ਜਿਨ੍ਹਾਂ ਲੋਕਾਂ ਨੂੰ ਜੂਏ ਨਾਲ ਨੁਕਸਾਨ ਹੁੰਦਾ ਹੈ ਉਨ੍ਹਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਉਹ ਇਸ ‘ਤੇ ਕਾਬੂ ਨਹੀਂ ਰੱਖ ਸਕਦੇ, ਜੋ ਕਿ ਪਛਤਾਵੇ, ਸ਼ਰਮ ਜਾਂ ਆਤਮ-ਸਨਮਾਨ ਦੀ ਕਮੀ ਵੱਲ ਲੈ ਜਾ ਸਕਦਾ ਹੈ।
* “ਰੁਕਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਰੁਕਿਆ?” – ਕੁਝ ਲੋਕਾਂ ਲਈ ਜੂਆ ਛੱਡਣਾ ਜਾਂ ਘਟਾਉਣਾ ਮੁਸ਼ਕਲ ਹੁੰਦਾ ਹੈ, ਭਾਵੇਂ ਉਹ ਖੁਦ ਵੀ ਰੁਕਣਾ ਚਾਹੁੰਦੇ ਹੋਣ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕਾਮਯਾਬ ਨਾ ਹੋਣਾ ਨਿਰਾਸ਼ਾ ਜਾਂ ਲਾਚਾਰੀ ਪੈਦਾ ਕਰ ਸਕਦਾ ਹੈ।
* “ਕੀ ਤੁਹਾਡੀਆਂ ਜੂਏ ਦੀਆਂ ਆਦਤਾਂ ਕਰਕੇ ਘਰ-ਪਰਿਵਾਰ ਵਿੱਚ ਤਣਾਅ ਜਾਂ ਝਗੜੇ ਹੋਏ ਹਨ?” – ਜੂਆ ਪਰਿਵਾਰ ਅਤੇ ਦੋਸਤੀਆਂ ‘ਤੇ ਸਿੱਧਾ ਪ੍ਰਭਾਵ ਪਾ ਸਕਦਾ ਹੈ। ਇਹ ਭਰੋਸਾ ਟੁਟਣ, ਝਗੜਿਆਂ ਜਾਂ ਭਾਵਨਾਤਮਕ ਦੂਰੀ ਦਾ ਕਾਰਨ ਬਣ ਸਕਦਾ ਹੈ।
* ਕੰਮ, ਸਕੂਲ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਅਣਦੇਖਾ ਕਰਨਾ – ਜੂਆ ਕਈ ਵਾਰ ਕਿਸੇ ਦੀ ਪੂਰੀ ਧਿਆਨ-ਕੇਂਦਰਤਾ ‘ਤੇ ਕਬਜ਼ਾ ਕਰ ਲੈਂਦਾ ਹੈ, ਜਿਸ ਨਾਲ ਉਹ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਪਾਉਂਦੇ, ਘਰ ਵਿੱਚ ਘੱਟ ਸਮਾਂ ਦਿੰਦੇ ਹਨ ਜਾਂ ਕੰਮ/ਪੜਾਈ ਵਿੱਚ ਕਮਜ਼ੋਰ ਹੋ ਜਾਂਦੇ ਹਨ।
* ਨਿਰਾਸ਼ਾ, ਢਹਿੰਦੀ ਕਲਾ ਜਾਂ ਆਤਮਹੱਤਿਆ ਵਾਲੀਆਂ ਸੋਚਾਂ – ਜਦੋਂ ਜੂਏ ਦੇ ਨੁਕਸਾਨ ਵੱਧ ਜਾਣ, ਤਾਂ ਇਹ ਗੰਭੀਰ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਕੁਝ ਲੋਕ ਆਪਣੇ ਆਪ ਨੂੰ ਫਸਿਆ ਹੋਇਆ, ਲਾਚਾਰ ਜਾਂ ਬੇਵਸ ਮਹਿਸੂਸ ਕਰ ਸਕਦੇ ਹਨ।
* ਨੁਕਸਾਨ ਪਿੱਛੇ ਭੱਜਣਾ – ਜੂਏ ਵਿੱਚ ਹਾਰੇ ਪੈਸੇ ਵਾਪਸ ਜਿੱਤਣ ਦੀ ਕੋਸ਼ਿਸ਼ ਨੂੰ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਕਿਹਾ ਜਾਂਦਾ ਹੈ। ਵੱਡਾ ਨੁਕਸਾਨ ਝੱਲਣ ਤੋਂ ਬਾਅਦ ਫੌਰਨ ਮੁੜ ਖੇਡਣ ਦਾ ਮਨ ਕਰ ਸਕਦਾ ਹੈ, ਪਰ ਇਸ ਨਾਲ ਹੋਰ ਵੱਡੇ ਨੁਕਸਾਨ ਹੋ ਸਕਦੇ ਹਨ।
* ਜੂਏ ਬਾਰੇ ਸੋਚਣਾ ਜਾਂ ਗੱਲ ਕਰਨਾ – ਜੇ ਕੋਈ ਜੂਏ ਨਾਲ ਨੁਕਸਾਨ ਦਾ ਸ਼ਿਕਾਰ ਹੈ, ਤਾਂ ਉਹ ਆਪਣੀ ਜ਼ਿੰਦਗੀ ਦੇ ਹੋਰ ਕੰਮਾਂ ਨਾਲੋਂ ਜੂਏ ਬਾਰੇ ਵੱਧ ਸੋਚ ਸਕਦਾ ਹੈ। ਉਹ ਕਿਤੇ ਹੋਰ ਧਿਆਨ ਨਹੀਂ ਕੇਂਦਰਿਤ ਕਰ ਸਕਦੇ, ਹੋਰ ਸਰਗਰਮੀਆਂ ਵਿੱਚ ਦਿਲਚਸਪੀ ਘਟ ਸਕਦੀ ਹੈ ਜਾਂ ਨਿੱਜੀ ਜ਼ਿੰਮੇਵਾਰੀਆਂ ਨੂੰ ਅਣਦੇਖਿਆ ਕਰ ਸਕਦੇ ਹਨ।
* ਜੂਏ ਬਾਰੇ ਲੁਕਾਉਣਾ ਜਾਂ ਇਸ ਬਾਰੇ ਝੂਠ ਬੋਲਣਾ – ਜੂਆ ਸ਼ਰਮ ਜਾਂ ਪਛਤਾਵੇ ਦੀ ਭਾਵਨਾ ਪੈਦਾ ਕਰ ਸਕਦਾ ਹੈ। ਇਸ ਕਰਕੇ ਲੋਕ ਆਪਣੀ ਜੂਏ ਦੀ ਆਦਤ ਲੁਕਾਉਣ ਲੱਗਦੇ ਹਨ, ਜਿਸ ਨਾਲ ਸਮੇਂ ਜਾਂ ਪੈਸੇ ਦੇ ਨੁਕਸਾਨ ਦਾ ਹਿਸਾਬ ਲਗਾਉਣਾ ਔਖਾ ਹੋ ਜਾਂਦਾ ਹੈ।